ਸੇਵਾਵਾਂ | Services

N.S.S. (ਕੌਮੀ ਸੇਵਾ ਯੋਜਨਾ)

ਵਿਦਿਆਰਥੀਆਂ ਅੰਦਰ ਆਪਣੀਆਂ ਸਮਾਜਿਕ ਜ਼ਿਮੇਂਵਾਰੀਆਂ ਪ੍ਰਤੀ ਚੇਤਨਾ ਪੈਦਾ ਕਰਨ ਲਈ ਕਾਲਜ ਵਿੱਚ ਕੌਮੀ ਦੀਆਂ ਦੋ ਯੂਨਿਟਾਂ (ਲੜਕੇ ਅਤੇ ਲੜਕੀਆਂ) ਕੰਮ ਕਰ ਰਹੀਆਂ ਹਨ। ਜਿਸ ਦੁਆਰਾ ਸਮੇਂ ਸਮੇਂ ਤੇ ਵੱਖ ਵੱਖ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਤੇ ਸਮਾਜ ਪ੍ਰਤੀ ਉਹਨਾਂ ਦੇ ਫਰਜ਼ਾਂ ਅਤੇ ਉਹਨਾਂ ਦੁਆਰਾ ਅਦਾ ਕੀਤੇ ਗਏ ਰੋਲ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਹਨਾਂ ਪ੍ਰੋਗਰਾਮਾਂ ਤਹਿਤ ਸਵੈ ਇੱਛਕ ਖੂਨਦਾਨ ਕੈਂਪ, ਆਲੇ ਦੁਆਲੇ ਦੀ ਸਾਫ਼ ਸਫਾਈ, ਵਾਤਾਵਰਨ ਦੀ ਸ਼ੁੱਧਤਾ, ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਉਹਨਾਂ ਅੰਦਰ ਹੱਥੀਂ ਕਿਰਤ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਂਦਾ ਹੈ। ਹਰ ਸਾਲ ਇਕ ਸੱਤ ਰੋਜ਼ਾ ਕੈਂਪ ਲਗਾ ਕੇ ਇਹ ਸਾਰੇ ਪ੍ਰੋਗਰਾਮ ਵਿਦਿਆਰਥੀਆਂ ਤੋਂ ਕਰਵਾਏ ਜਾਂਦੇ ਹਨ।  ਸ੍ਰੀ ਰਾਕੇਸ਼ ਕੁਮਾਰ ਕੰਪਿਊਟਰ ਵਿਭਾਗ  ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ।
ਕੈਰੀਅਰ ਗਾਈਡੈਂਸ ਸੈੱਲ
ਵਿਦਿਆਰਥੀਆਂ ਨੂੰ ਵੱਖ ਵੱਖ ਕਿੱਤਿਆਂ ਸਬੰਧੀ ਅਤੇ ਪੜ੍ਹਾਈ ਤੋਂ ਬਾਅਦ ਜੀਵਨ ਵਿੱਚ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਲਈ ਕਾਲਜ ਵਿੱਚ ਇਕ ਗਾਈਡੈਂਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੁਜਗਾਰ ਦੇ ਵੱਖ ਵੱਖ ਮੌਕਿਆਂ ਦੀ ਪ੍ਰਾਪਤੀ ਲਈ ਤਿਆਰ ਕਰਨ ਸਬੰਧੀ ਅਤੇ ਉਹਨਾਂ ਦੀ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਲਈ ਇਸ ਸੈੱਲ ਦੁਆਰਾ ਲੋੜੀਂਦੀ ਜਾਣਕਾਰੀ ਦੇ ਨਾਲ ਨਾਲ ਹੋਰ ਲੋੜੀਂਦੀ ਤਿਆਰੀ ਸਬੰਧੀ ਉਹਨਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਸ ਸੈੱਲ ਦੁਆਰਾ ਵਿਦਿਆਰਥੀਆਂ ਲਈ ਵੱਖ ਵੱਖ ਤਰਾਂ ਦੇ ਆਮ ਗਿਆਨ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਦੀ ਸਮਝ ਵਿੱਚ ਵਾਧਾ ਕਰਨ ਲਈ ਵੱਖ ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਭਾਸ਼ਨ ਕਰਵਾਏ ਜਾਂਦੇ ਹਨ। ਇਹ ਸੈੱਲ ਵਿਦਿਆਰਥੀਆਂ ਨੂੰ ਉਹਨਾਂ ਦਾ ਭਵਿੱਖ ਉੱਜਲਾ ਕਰਨ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈ
ਯੁਵਕ ਭਲਾਈ ਵਿਭਾਗ
ਇਸ ਵਿਭਾਗ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾਪ੍ਰਤਿਭਾ ਦੀ ਪਛਾਣ ਕਰਕੇ ਉਹਨਾਂ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ। ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾ ਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਨਾਟਕ, ਗਿੱਧਾ, ਭੰਗੜਾ, ਚਿੱਤਰਕਲਾ ਅਤੇ ਲੋਕਕਲਾਵਾਂ ਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਮਹੱਤਵ ਦੇ ਵਿਭਿੰਨ ਸਥਾਨਾਂ ਦੀ ਯਾਤਰਾ, ਦੂਰਦੁਰਾਡੇ ਦੇ ਰਮਣੀਕ ਪਹਾੜੀ ਥਾਵਾਂ ਦੇ ਟੂਰ ਪ੍ਰੋਗਰਾਮ ਆਦਿ ਇਸ ਵਿਭਾਗ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਰਹਿਣ ਸਹਿਣ, ਭਾਸ਼ਾ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣਾ ਹੈ। ਸ੍ਰੀ ਰਾਜਵਿੰਦਰ ਸਿੰਘ , ਕਾਲਜ ਦੇ ਯੂਥ ਕੋਆਰਡੀਨੇਟਰ ਦੀ ਸੇਵਾ ਨਿਭਾ ਰਹੇ ਹਨ।
ਖੇਡਾਂ
ਖੇਡਾਂ ਵਿਦਿਆਰਥੀ ਜੀਵਨ ਦਾ ਇਕ ਅਹਿਮ ਅੰਗ ਹੁੰਦੀਆਂ ਹਨ ਕਿਸੇ ਵਿਦਿਆਰਥੀ ਦੀ ਸਮੁੱਚੀ ਸਖ਼ਸ਼ੀਅਤ ਦੀ ਉਸਾਰੀ ਵਿੱਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਾਲਜ ਕੋਲ ਵਿਦਿਆਰਥੀਆਂ ਦੇ ਸਪੋਰਟਸ ਵਿੱਚ ਭਾਗ ਲੈਣ ਲਈ ਪੂਰਾ ਪ੍ਰਬੰਧ ਹੈ। ਕੋਈ ਵਿਦਿਆਰਥੀ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕਿਸੇ ਖੇਡ ਵਿੱਚ ਭਾਗ ਲੈ ਸਕਦਾ ਹੈ। ਕਾਲਜ ਵਿੱਚ ਖੇਡਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਚਲਾਉਣ ਲਈ ਖੇਡਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਖਿਡਾਰੀਆਂ ਨੂੰ ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਯੂਨੀਵਰਸਿਟੀ ਵਲੋਂ ਕਾਲਜ ਦੇ ਵਧੀਆ ਖਿਡਾਰੀਆਂ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ। 
ਰੈੱਡ ਰਿਬਨ ਕਲੱਬ
ਅੰਤਰਰਾਸ਼ਟਰੀ ਪੱਧਰ ਤੇ ਤੇਜੀ ਨਾਲ ਫੈਲ ਰਹੀ ਏਡਜ਼ ਵਰਗੀ ਭਿਆਨਕ ਬਿਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਦਾ ਇਕ ਰੈੱਡ ਰਿਬਨ ਕਲੱਬ ਸਥਾਪਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਲਜ ਵਿੱਚ ਚਲ ਰਹੇ ਇਸ ਰੈੱਡ ਰਿਬਨ ਕਲੱਬ ਦੁਆਰਾ ਨਸ਼ਿਆਂ ਅਤੇ ਏਡਜ਼ ਪ੍ਰਤੀ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਇੰਜ. ਨਰਿੰਦਰ ਕੁਮਾਰ, ਕੰਪਿਊਟਰ ਸਾਇੰਸ ਵਿਭਾਗ, ਇਸ ਕਲੱਬ ਦੇ ਇੰਚਾਰਜ ਦੀ ਸੇਵਾ ਨਿਭਾ ਰਹੇ ਹਨ।
ਕਾਲਜ ਮੈਗਜ਼ੀਨ
ਕਾਲਜ ਵੱਲੋਂ ਵਿਦਿਆਰਥੀਆਂ ਅੰਦਰ ਸਾਹਿਤਕ ਚੇਤਨਾ ਪੈਦਾ ਕਰਨ ਲਈ ਮੈਗਜੀਨ ਸ਼ੁਰੂ ਕੀਤਾ ਗਿਆ ਹੈ ਇਸਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਕਾਸ ਕਰਨ, ਮੌਜੂਦਾ ਵਰਤਾਰਾ ਅਤੇ ਮਨੁੱਖੀ ਰਿਸ਼ਤਿਆਂ ਨੂੰ ਨੀਝ ਨਾਲ ਤੱਕਣ ਦਾ ਵੱਲ ਸਿਖਾਉਣਾ ਅਤੇ ਇਸ ਤਰ੍ਹਾਂ ਅਨੁਭਵ ਕੀਤੇ ਸੱਚ ਨੂੰ ਗੀਤ, ਗਜ਼ਲ, ਨਜ਼ਮ, ਨਿਬੰਧ ਦੇ ਰੂਪ ਵਿੱਚ ਢਾਲ ਕੇ ਸਾਹਿਤਿਕ ਰੂਪ ਦੇਣ ਦਾ ਅਭਿਆਸ ਕਰਾਉਣਾ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕਾਲਜ ਸਰਗਰਮੀਆਂ ਜਿਵੇਂ ਕਿ ਸਭਿਆਚਾਰਕ ਪ੍ਰੋਗਰਾਮ, ਸਮਾਗਮ, ਟੂਰ ਆਦਿ ਸੰਬੰਧੀ ਆਪਣੇ ਵਿਚਾਰਾਂ ਨੂੰ ਲਿੱਪੀਬੱਧ ਕਰਨ ਲਈ ਵੀ ਇਸ ਮੈਗਜ਼ੀਨ ਰਾਹੀਂ ਪ੍ਰੇਰਨਾ ਮਿਲਦੀ ਹੈ ।ਇਸ ਤੋਂ ਇਲਾਵਾ ਜੀਵਨ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧਾਂ ਨੂੰ ਵੀ ਇਸ ਮੈਗਜ਼ੀਨ ਵਿੱਚ ਥਾਂ ਦਿੱਤੀ ਜਾਂਦੀ ਹੈ। ਵੱਖ ਵੱਖ ਸੈਕਸ਼ਨ ਅਧਿਆਪਕ ਸੰਪਾਦਕਾਂ ਦੇ ਨਾਲ ਨਾਲ ਵਿਦਿਆਰਥੀਆਂ ਵਿੱਚੋਂ ਚੁਣੇ ਗਏ ਵਿਦਿਆਰਥੀ ਸੰਪਾਦਕਾਂ ਦੁਆਰਾ ਸੰਪਾਦਿਤ ਕੀਤੇ ਜਾਂਦੇ ਹਨ। ਵਿਦਿਆਰਥੀ ਸੰਪਾਦਕਾਂ ਦੀ ਅਗਵਾਈ ਮੁੱਖ ਸੰਪਾਦਕ ਕਰਦੇ ਹਨ ।
P.T.A. (ਅਧਿਆਪਕ ਮਾਪੇ ਸੰਸਥਾ)
ਕਾਲਜ ਦੇ ਹਰ ਵਿਦਿਆਰਥੀ ਦੇ ਮਾਪੇ ਇਸ ਸੰਸਥਾ ਦੇ ਮੈਂਬਰ ਹੋਣਗੇ। ਕਾਰਜਕਾਰੀ ਦੀ ਮਿਆਦ 1 ਸਾਲ ਲਈ ਹੁੰਦੀ ਹੈ | ਇਸ ਸੰਸਥਾ ਦੇ ਚੇਅਰਮੈਨ ਕਾਲਜ ਪ੍ਰਿੰਸੀਪਲ ਅਤੇ ਸਰਪਰਸਤ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਸੰਸਥਾ ਰਾਹੀਂ ਇਕੱਠੇ ਕੀਤੇ ਫੰਡ ਦੀ ਵਰਤੋਂ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਦੀ ਪ੍ਰਵਾਨਗੀ ਨਾਲ ਕਾਲਜ ਪ੍ਰਿੰਸੀਪਲ ਅਤੇ ਅਤੇ ਪੀ.ਟੀ.ਏ. ਕਮੇਟੀ ਦੇ ਮੈਂਬਰ ਸਾਹਿਬਾਨ ਰਾਹੀਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੀ ਜਾਵੇਗੀ ।
ਐੱਨ.ਸੀ.ਸੀ. (NCC)
ਕਾਲਜ ਦਾ ਆਪਣਾ , ਲੜਕੇ ਅਤੇ ਲੜਕੀਆਂ ਦਾ ਐੱਨ.ਸੀ.ਸੀ. ਟਰੁੱਪ ਹੈ ਜੋ 03ਪੰਜਾਬ ਨੇਵਲ ਯੂਨਿਟ, ਬਠਿੰਡਾ ਅਤੇ 20 ਪੰਜਾਬ ਬਟਾਲੀਅਨ ਆਰਮੀ ਯੂਨਿਟ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ । ਸਾਡੇ ਸਿੱਖਿਆਰਥੀਆਂ ਨੇ ਸੇਵਾ ਭਾਵਨਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਬੀ ਅਤੇ ਸੀ ਸਰਟੀਫਿਕੇਟ ਹਾਸਿਲ ਕੀਤੇ ਹਨ । ਬਹੁਤ ਸਾਰੇ ਕੈਡਿਟ ਅੱਜ-ਕੱਲ ਦੇਸ਼ ਦੇ ਵਿਭਿੰਨ ਸੈਨਿਕ ਅਤੇ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੇ ਕੇ ਦੇਸ਼ ਲਈ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ । ਜਿਹੜੇ ਵਿਦਿਆਰਥੀ ਐੱਨ.ਸੀ.ਸੀ. ਰੱਖਦੇ ਹਨ, ਉਹਨਾਂ ਲਈ ਪਰੇਡਾਂ ਲਗਾਉਣੀਆਂ , ਕੈਂਪ ਅਤੇ ਸਮੇਂ-ਸਮੇਂ ਤੇ ਦਿੱਤੀਆਂ ਗਈਆਂ ਹਦਾਇਤਾਂ ਨੂੰ ਮੰਨਣਾ ਲਾਜਮੀ ਹੋਵੇਗਾ । ਜਿਹੜਾ ਵਿਦਿਆਰਥੀ ਪਰੇਡਾਂ ਵਿੱਚ ਹਾਜ਼ਰ ਨਹੀਂ ਹੋਵੇਗਾ, ਉਸ ਵਿਦਿਆਰਥੀ ਦਾ ਐੱਨ.ਸੀ.ਸੀ.ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਅਤੇ ਉਹ ਕੈਡਿਟ ਕਿਸੇ ਵੀ ਤਰਾਂ ਦੇ ਸਰਟੀਫਿਕੇਟ ਦਾ ਹੱਕਦਾਰ ਨਹੀਂ ਹੋਵੇਗਾ । ਇੰਜ. ਨਰਿੰਦਰ ਕੁਮਾਰ, ਕੰਪਿਊਟਰ ਸਾਇੰਸ ਵਿਭਾਗ, 03ਪੰਜਾਬ ਨੇਵਲ ਯੂਨਿਟ NCC, ਬਠਿੰਡਾ  ਦੇ ਕੇਅਰ ਟੇਕਰ ਵੱਜੋਂ  ਅਤੇ Lt. ਸਤੀਸ਼ ਕੁਆਰ 20 ਪੰਜਾਬ ਬਟਾਲੀਅਨ ਆਰਮੀ ਯੂਨਿਟ  ਦੇ ANO ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ
ਲਾਇਬ੍ਰੇਰੀ
ਕਾਲਜ ਵਿਚ ਖੁੱਲੀ , ਹਵਾਦਾਰ ਅਤੇ ਨਿਵੇਕਲੀ ਇਮਾਰਤ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨਾਲ ਭਰਪੂਰ ਇੱਕ ਸ਼ਾਨਦਾਰ ਲਾਉਬਰੇਰੀ ਹੈ । ਸਮੇਂ-ਸਮੇਂ ਤੇ ਛਪਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਸ਼ਾਮਲ ਕਰਕੇ ਇਸਨੂੰ ਪੂਰੀ ਤਰ੍ਹਾਂ ਅੱਪ-ਟੂ-ਡੇਟ ਰੱਖਿਆ ਗਿਆ ਹੈ । ਲਾਇਬਰੇਰੀ ਦੇ ਖੁਲ੍ਹੇ ਹਾਲ ਵਿੱਚ ਵਿਦਿਆਰਥੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਸਾਰੇ ਪ੍ਰਮੁੱਖ ਅਖਬਾਰ ਅਤੇ ਮੈਗਜੀਨਾਂ ਨੂੰ ਪੜ੍ਨ ਦੀ ਸਹੂਲਤ ਮਾਣ ਸਕਦੇ ਹਨ । ਕਾਲਜ ਲਾਇਬਰੇਰੀ ਵਿੱਚ ਰੋਜਾਨਾ ਸੱਤ ਅਖਬਾਰ ਆਉਂਦੇ ਹਨ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮੈਗਜੀਨ, ਕਿਤਾਬਾਂ ਅਤੇ ਜਰਨਲ ਸਮੇਂ-ਸਮੇਂ ਤੇ  ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ । ਰੋਜਗਾਰ ਸਬੰਧੀ ਜਾਣਕਾਰੀ ਲਈ ਹਫ਼ਤਾਵਾਰ ਰੋਜ਼ਗਾਰ ਸਮਾਚਾਰ ਵੀ ਆਉਂਦਾ ਹੈ । ਕਾਲਜ ਲਾਈਬਰੇਰੀ ਵਿੱਚ ਬੁੱਕ ਬੈਂਕ ਦੀ ਵੀ ਸਥਾਪਨਾ ਕੀਤੀ ਗਈ ਹੈ ।